ਕਵਿਤਾਵਾਂ, ਵਾਰਤਕ ਅਤੇ ਤਸਵੀਰਾਂ ਨੂੰ ਇੱਕ ਦੂਜੇ ਨਾਲੋਂ ਨਿਖੇੜਿਆ ਨਹੀਂ ਜਾ ਸਕਦਾ, ਜਸ ਪ੍ਰੀਤ ਨੇ ਕਾਫ਼ੀ ਸੁਜੱਗਤਾ ਨਾਲ ਪੰਜਾਬੀਆਂ ਦੀਆਂ ਵਿਰਾਸਤੀ ਧਰੋਹਰਾਂ ਨੂੰ ਇਸ ਪੁਸਤਕ ਦਾ ਸ਼ਿੰਗਾਰ ਬਣਾਇਆ ਹੈ। ਇਹ ਤਸਵੀਰਾਂ ਪੰਜਾਬੀਆਂ ਨੂੰ ਆਪਣੀ ਅਮੀਰ ਵਿਰਾਸਤ ਦੀ ਪਹਿਰੇਦਾਰੀ ਕਰਨ ਅਤੇ ਸੰਭਾਲਕੇ ਰੱਖਣ ਦੀ ਪ੍ਰੇਰਨਾ ਵੀ ਕਰਦੀਆਂ ਹਨ। ਸੂਰਜ ਦੀ ਰੌਸ਼ਨੀ ਦੀਆਂ ਕਿਰਨਾ ਅਨਹਦ ਨਾਦ ਪੈਦਾ ਕਰਦੀਆਂ ਹੋਈਆਂ, ਨਵਾਂ ਜੀਵਨ ਬਖ਼ਸ਼ਦੀਆਂ ਹਨ। ਕਵਿਤਰੀ ਮੁਹੱਬਤ ਦੀ ਗੱਲ ਕਰਦਿਆਂ, ਕੁਦਰਤ ਦੇ ਕ੍ਰਿਸ਼ਮਿਆਂ ਫੁੱਲਾਂ, ਦਰੱਖਤਾਂ, ਬਨਸਪਤੀ, ਜਨੌਰਾਂ, ਧਰਤੀ ਅਤੇ ਸੂਰਜ ਦੀ ਮੁਹੱਬਤ ਨੂੰ ਸੰਪੂਰਨਤਾ ਦਾ ਦਰਜਾ ਦਿੰਦੀ ਹੈ। ਮੁਹੱਬਤ ਨੂੰ ਕਿਸੇ ਇੱਕ ਵਸਤੂ ਨਾਲ ਨਹੀਂ ਬੰਨਿ੍ਹਆਂ ਜਾ ਸਕਦਾ, ਇਹ ਸਰਬਕਾਲ, ਅਨੰਤ ਅਤੇ ਆਤਮਿਕ ਤ੍ਰਿਪਤੀ ਹੁੰਦੀ ਹੈ। ਕੁਦਰਤ ਦੀ ਗੋਦ ਵਿੱਚ ਕੀਤੀ ਸੈਰ ਮਨ ਮਸਤਕ ਦੀ ਖੁਰਾਕ ਬਣਦੀ ਹੈ, ਖ਼ੁਸ਼ੀ ਪ੍ਰਦਾਨ ਕਰਦੀ ਹੈ ਅਤੇ ਮਨ ਦੇ ਦੁਆਰ ਖੋਲ੍ਹਦੀ ਹੈ। ਇਸ ਪੁਸਤਕ ਵਿੱਚ ਜਸ ਪ੍ਰੀਤ ਨੇ ਕਈ ਆਪਣੇ ਨਿੱਜੀ ਅਨੁਭਵਾਂ ਦੇ ਪ੍ਰਗਟਾਵੇ ਕੀਤੇੇ ਹਨ, ਜਿਹੜੇ ਲੋਕਾਈ ਦੇ ਪ੍ਰਤੀਕ ਬਣਨ ਦਾ ਸਾਧਨ ਬਣਦੇ ਹਨ। ਕੁਦਰਤ ਦਾ ਹਰ ਅਜੂਬਾ, ਕ੍ਰਿਸ਼ਮਾ ਅਤੇ ਵਸਤੂ ਵਿਲੱਖਣਤਾ ਨਾਲ ਇਨਸਾਨ ਨੂੰ ਬਿਹਤਰੀਨ ਜੀਵਨ ਜਿਉਣ ਦੀ ਊਰਜਾ ਦਿੰਦਾ ਹੈ। ਮਨੁੱਖ ਕਈ ਵਾਰੀ ਤਾਕਤ ਦੇ ਨਸ਼ੇ ਵਿੱਚ ਮਾਨਵਤਾ ਨਾਲ ਯੋਗ ਵਿਵਹਾਰ ਨਹੀਂ ਕਰਦਾ, ਸਗੋਂ ਉਸਦੀ ਕੋਸ਼ਿਸ਼ ਨੁਕਸਾਨ ਪਹੁੰਚਾਉਣ ਦੀ ਹੁੰਦੀ ਹੈ, ਪ੍ਰੰਤੂ ਕੁਦਰਤ ਮਾਨਵਤਾ ਨੂੰ ਅਨੇਕਾਂ ਨਿਆਮਤਾਂ ਬਖ਼ਸ਼ਿਸ਼ ਕਰਦੀ ਹੈ, ਤਾਕਤਵਰ ਮਨੁੱਖ ਦੀ ਕੁਦਰਤ ਦੀਆਂ ਨਿਆਮਤਾਂ ਖੋਹਣ ਦੀ ਸਮਰੱਥਾ ਨਹੀਂ ਹੁੰਦੀ। ਇਸ ਲਈ ਮਨੁੱਖ ਨੂੰ ਕੁਦਰਤ ਦੇ ਕਾਦਰ ਦੀਆਂ ਵਸਤਾਂ ਦਾ ਸਤਿਕਾਰ ਕਰਕੇ ਉਨ੍ਹਾਂ ਤੋਂ ਸ਼ਕਤੀ ਲੈਣੀ ਚਾਹੀਦੀ ਹੈ।
ਕਵਿਤਾ ਦੇ 24 ਪੰਨਿਆਂ ਤੋਂ ਬਾਅਦ ‘ਸੈਰ ਕਰਦਿਆਂ’ ਸਿਰਲੇਖ ਅਧੀਨ ਇੱਕ ਪੰਨੇ ਤੇ ਤਸਵੀਰ ਅਤੇ ਅਗਲੇ ਪੰਨਿਆਂ ‘ਤੇ ਤਸਵੀਰ ਦਾ ਵੇਰਵਾ ਦਿੱਤਾ ਗਿਆ ਹੈ। ਇਹ ਵਾਰਤਕ ਵੀ ਕਾਵਿਮਈ ਹੀ ਹੈ, ਜਿਹੜੀ ਪਾਠਕ ਦੇ ਦਿਲ ਨੂੰ ਛੂੰਹਦੀ ਹੋਈ ਸ਼ਾਂਤੀ ਪ੍ਰਦਾਨ ਕਰਦੀ ਹੈ। ਵਗਦੀ ਹਵਾ ਨਾਲ ਦਰਖੱਤਾਂ ਦੇ ਟੁੱਟੇ ਪੱਤਿਆਂ ਨੂੰ ਵੀ ਸ਼ਾਇਰਾ ਝਾਂਜਰਾਂ ਦੀ ਟੁਣਕਾਰ ਨਾਲ ਤੁਲਨਾ ਕਰਕੇ ਪੈਦਾ ਕੀਤੇ ਸੰਗੀਤ ਦਾ ਜ਼ਿਕਰ ਕਰਦੀ ਹੈ। ਸਾਉਣ ਮਹੀਨੇ ਦੇ ਮੀਂਹ ਰੁੱਖਾਂ ਦੇ ਜੀਵਨ ਦਾਨੀ ਬਣਦੇ ਹਨ। ਅੰਬ ਦੇ ਬਾਗ ਦਾ ਮਾਲੀ ਭਾਵੇਂ ਆਪਣਾ ਫ਼ਰਜ਼ ਨਿਭਾ ਰਿਹਾ ਹੈ, ਪ੍ਰੰਤੂ ਜਸ ਪ੍ਰੀਤ ਨੇ ਇਸ ਕੰਮ ਨੂੰ ਵੀ ਆਨੰਦਮਈ ਗਰਦਾਨਿਆਂ ਹੈ। ਮੈਰਾਥਨ ਦੌੜ ਸਿਹਤ ਲਈ ਲਾਭਦਾਇਕ ਤੇ ਗੀਤ ਸੰਗੀਤ ਤੇ ਭੰਗੜਾ ਮਾਨਸਿਕ ਤ੍ਰਿਪਤੀ ਦਾ ਸਾਧਨ ਬਣਦੇ ਹਨ। ਜਸ ਪ੍ਰੀਤ ਨੇ 24 ਤਸਵੀਰਾਂ ਦਾ ਕੁਦਰਤ ਨਾਲ ਮੇਲਕੇ ਕੀਤਾ ਵਰਣਨ ਦਿਲ ਨੂੰ ਸਕੂਨ ਦਿੰਦਾ ਹੈ। ‘ਹਜ਼ਾਰਾਂ ਵਾਟ ਰੌਸ਼ਨੀਆਂ ਦੀ ਝਿਲਮਿਲ ਅਮਲਤਾਸ’ ਸਿਰਲੇਖ ਤਸਵੀਰ ਦੀ ਜਾਣਕਾਰੀ ਦਾ ਬ੍ਰਿਤਾਂਤ ਦੇ ਦਿੱਤਾ ਗਿਆ ਹੈ। ਇਹ ਕੁਦਰਤ ਦੀ ਕਰਾਮਾਤ ਹੀ ਹੈ ਕਿ ਅਮਲਤਾਸ ਦੇ ਸੁਨਹਿਰੀ ਫੁੱਲਾਂ ਦੀ ਰੌਸ਼ਨੀ ਦਿਲ ਤੇ ਦਿਮਾਗ ਨੂੰ ਤਰੋਤਾਜ਼ਾ ਕਰ ਦਿੰਦੀ ਹੈ। ਅਮਲਤਾਸ ਦੀ ਪ੍ਰਸੰਸਾ ਵਿੱਚ ‘ਮੈਂ ਕੀ ਆਖਾਂ ਤੇਰੇ ਰੂਪ ਨੂੰ’, ‘ਪਿਆਰੇ ਅਤਲਤਾਸ’, ‘ਸੌਖਾ ਨਹੀਂ ਹੁੰਦਾ’ ਅਤੇ ‘ਤੂੰ ਅਮਲਤਾਸ ਵੇ ਸੋਹਣੇ’, ਕਵਿਤਾਵਾਂ ਧਰਤੀ ‘ਤੇ ਉਤਰੇ ਸਵਰਗ ਦਾ ਅਹਿਸਾਸ ਕਰਵਾਉਂਦੀਆਂ ਹਨ।
ਸੁਰਜੀਤ ਪਾਤਰ ਦੀ ਕਵਿਤਾ ਅਤੇ ਉਸਦੇ ਪਰਿਵਾਰ ਨਾਲ ਬਿਤਾਏ ਪਲ ਜਸ ਪ੍ਰੀਤ ਦੀ ਜ਼ਿੰਦਗੀ ਦੀ ਪ੍ਰਾਪਤੀ ਦਾ ਅਹਿਸਾਸ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦੇ ਹਨ। ਇਸੇ ਤਰ੍ਹਾਂ ਆਪਣੀ ਮਾਂ ਦੇ ਵਿਛੋੜੇ ਦਾ ਦਰਦ, ‘ਮਨੁੱਖ ਤੋਂ ਦੇਹ ਹੋਏ ਬੰਦੇ ਦਾ’, ‘ਧਰਤੀ’, ‘ਗਿਣਤੀ ਮਿਣਤੀ’ ਅਤੇ ‘ਵਸੀਅਤ’ ਕਵਿਤਾਵਾਂ ਰਾਹੀਂ ਦਰਸਾਇਆ ਗਿਆ ਹੈ। ਇਹ ਕਵਿਤਾਵਾਂ ਜ਼ਿੰਦਗੀ ਦੀ ਅਟੱਲ ਸਚਾਈ ਨੂੰ ਪ੍ਰਵਾਨ ਕਰਕੇ ਜ਼ਿੰਦਗੀ ਨੂੰ ਨੀਰਸ ਨਾ ਬਣਾਉਣ ਤੋਂ ਰੋਕਦੀਆਂ ਹਨ। ਪੁਸਤਕ ਦੇ ਅਖ਼ੀਰਲੇ ਭਾਗ ‘ਕਵਿਤਾਵਾਂ’ ਵਿੱਚ ਜਸ ਪ੍ਰੀਤ ਨੇ ਸਮਾਜਿਕ ਸਰੋਕਾਰਾਂ ਵਾਲੀਆਂ ਦਸ ਕਵਿਤਾਵਾਂ ਲਿਖਕੇ ਮਾਨਵਤਾ ਦੀ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ‘ਰੀਲਾਂ ਦਾ ਸੰਸਾਰ’ ਅਤੇ ‘ਕਪਾਹ ਦੀ ਫੁੱਟ ਤੇ ਬੀਜ’ ਪੰਜਾਬ ਦੀ ਖੇਤੀ ਵਿਰਾਸਤ, ‘ਮਿੱਟੀ ਦਾ ਫ਼ਰਕ’, ‘ਕਿਸਾਨ ਅੰਦੋਲਨ’ ਅਤੇ ‘ਕੈਦੀ ਪਿੰਜਰੇ ਦੀ’ ਕਵਿਤਾਵਾਂ ਜ਼ਿੰਦਗੀ ਦੀ ਜਦੋਜਹਿਦ ਦੀਆਂ ਬਾਤਾਂ ਪਾਉਂਦੀਆਂ ਹਨ। ‘ਸਟੇਟਸ ਸਿੰਬਲ’ ਨੌਜਵਾਨਾਂ ਵੱਲੋਂ ਕਿਰਤ ਨੂੰ ਮਹੱਤਤਾ ਨਾ ਦੇਣ ਦਾ ਪ੍ਰਤੀਕ ਹੈ। ਇਸ ਭਾਗ ਦੀਆਂ ਕਵਿਤਾਵਾਂ ਪੜ੍ਹਕੇ ਜਸ ਪ੍ਰੀਤ ਦੇ ਵਿਅਤਿਤਵ ਦਾ ਇੱਕ ਵੱਖਰਾ ਰੂਪ ਸਾਹਮਣੇ ਆਉਂਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਸਾਹਿਤ ਦਾ ਹਰ ਰੂਪ ਭਾਵੇਂ ਕਲਾਤਮਿਕ ਹੋਵੇ ਪ੍ਰੰਤੂ ਲੋਕ ਹਿੱਤਾਂ ਦੀ ਵਕਾਲਤ ਕਰਨ ਵਾਲਾ ਵੀ ਹੋਣਾ ਚਾਹੀਦਾ ਹੈ। ਭਵਿਖ ਵਿੱਚ ਜਸ ਪ੍ਰੀਤ ਤੋਂ ਅਜਿਹੀਆਂ ਨਿਵੇਕਲੀਆਂ ਨਵੇਂ ਰਸਤੇ ਵਿਖਾਉਣ ਵਾਲੀਆਂ ਕਵਿਤਾਵਾਂ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ।
84 ਪਨਿਆਂ, 850 ਰੁਪਏ ਕੀਮਤ ਵਾਲੀ ਸਚਿਤਰ ਪੁਸਤਕ ਸਤਲੁਜ ਪ੍ਰਕਾਸ਼ਨ ਪੰਚਕੂਲਾ ਹਰਿਆਣਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ ਜਸ ਪ੍ਰੀਤ : 9463665340
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
.png)